ਸੰਗਰੂਰ ਜ਼ਿਲ੍ਹੇ ਦੇ ਦਿੜਬਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਬੜਰੁੱਖਾਂ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। 4 ਅਣਪਛਾਤੇ ਬਦਮਾਸ਼ਾਂ ਨੇ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਅੰਦਰ ਵੜ੍ਹ ਕੇ ਸੇਵਾਦਾਰ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਪੁਲਿਸ ਜਾਣਕਾਰੀ ਅਨੁਸਾਰ, ਸੇਵਾਦਾਰ ਅਜਾਇਬ ਸਿੰਘ ਗੁਰਦੁਆਰਾ ਕੰਪਲੈਕਸ ਦੇ ਰਿਹਾਇਸ਼ੀ ਖੇਤਰ ਵਿੱਚ ਸੌਂ ਰਹੇ ਸਨ, ਉਸੇ ਵੇਲ੍ਹੇ ਚਾਰ ਸ਼ੱਕੀ ਵਿਅਕਤੀ ਅੰਦਰ ਦਾਖਲ ਹੋਏ। ਬਦਮਾਸ਼ਾਂ ਵਿੱਚੋਂ ਇੱਕ ਮੁੱਖ ਗੇਟ ਰਾਹੀਂ ਦਾਖਲ ਹੋਇਆ, ਜਦੋਂ ਕਿ ਤਿੰਨ ਹੋਰ ਕੰਧ ਟੱਪ ਕੇ ਕੰਪਲੈਕਸ ਵਿੱਚ ਦਾਖਲ ਹੋਏ।
ਬਦਮਾਸ਼ਾਂ ਨੇ ਸੁੱਤੇ ਹੋਏ ਸੇਵਾਦਾਰ ਅਜਾਇਬ ਸਿੰਘ ਨੂੰ ਜਬਰਨ ਫੜ ਕੇ ਬੰਧਕ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਅਜਾਇਬ ਸਿੰਘ ਨੇ ਮਦਦ ਲਈ ਰੌਲਾ ਪਾਇਆ ਤਾਂ ਨੇੜੇ ਹੀ ਮੌਜੂਦ ਇੱਕ ਹੋਰ ਸੇਵਾਦਾਰ ਜਸਵੰਤ ਸਿੰਘ ਭੱਜ ਕੇ ਬਾਹਰ ਆਇਆ।
ਫੜੇ ਜਾਣ ਦੇ ਡਰੋਂ, ਹਮਲਾਵਰਾਂ ਨੇ ਜਸਵੰਤ ਸਿੰਘ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਫਾਈਰਿੰਗ ਤੋਂ ਬਾਅਦ, ਸਾਰੇ ਹਮਲਾਵਰ ਮੌਕੇ ਤੋਂ ਭੱਜ ਗਏ।
