ਜਲੰਧਰ ਤਹਿਸੀਲ ’ਚ ਵਿਜੀਲੈਂਸ ਦੀ ਕਾਰਵਾਈ, ਪਟਵਾਰੀ ਤੇ ਸਾਥੀ ਰਿਸ਼ਵਤ ਲੈਂਦੇ ਕਾਬੂ

ਜਲੰਧਰ 8 ਅਕਤੂਬਰ (ਹਰਜੀਤ ਕੁਮਾਰ) ਇੰਡੀਅਨ ਨਿਊਜ਼ : ਜਲੰਧਰ ਤਹਿਸੀਲ ਕੰਪਲੈਕਸ ’ਚ ਵਿਜੀਲੈਂਸ ਦੀ ਕਾਰਵਾਈ, ਪਟਵਾਰੀ ਤੇ ਸਾਥੀ ਰਿਸ਼ਵਤ ਲੈਂਦੇ ਕਾਬੂ

ਜਲੰਧਰ ਤਹਿਸੀਲ ਕੰਪਲੈਕਸ ਵਿੱਚ ਵਿਜੀਲੈਂਸ ਬਿਊਰੋ ਦੀ ਟੀਮ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦਿਆਂ ਇੱਕ ਪਟਵਾਰੀ ਅਤੇ ਉਸਦੇ ਸਾਥੀ ਨੂੰ ਕਥਿਤ ਤੌਰ ’ਤੇ 3 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਵਿਜੀਲੈਂਸ ਮੁਤਾਬਕ, ਜ਼ਮੀਨ ਦਾ ਇੰਤਕਾਲ (Mutation) ਦਰਜ ਕਰਨ ਦੇ ਬਦਲੇ ਸ਼ਿਕਾਇਤਕਰਤਾ ਵਿਨੋਦ ਕੁਮਾਰ ਤੋਂ 3 ਹਜ਼ਾਰ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਟੀਮ ਨੇ ਯੋਜਨਾ ਬਣਾ ਕੇ ਤਹਿਸੀਲ ਕੰਪਲੈਕਸ ਵਿੱਚ ਟ੍ਰੈਪ ਲਗਾਇਆ।

ਜਿਵੇਂ ਹੀ ਵਿਨੋਦ ਕੁਮਾਰ ਨੇ ਕਥਿਤ ਤੌਰ ’ਤੇ ਰਿਸ਼ਵਤ ਦੀ ਰਕਮ ਪਟਵਾਰੀ ਅਤੇ ਉਸਦੇ ਸਾਥੀ ਨੂੰ ਸੌਂਪੀ, ਵਿਜੀਲੈਂਸ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦੋਵਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ।

ਗ੍ਰਿਫ਼ਤਾਰ ਕੀਤੇ ਗਏ ਪਟਵਾਰੀ ਦੀ ਪਛਾਣ ਵਿਸ਼ਵਜੀਤ ਅਤੇ ਉਸਦੇ ਸਾਥੀ ਦੀ ਪਛਾਣ ਰਾਕੇਸ਼ ਕੁਮਾਰ ਵਜੋਂ ਦੱਸੀ ਜਾ ਰਹੀ ਹੈ। ਹਾਲਾਂਕਿ, ਗ੍ਰਿਫ਼ਤਾਰੀ ਤੋਂ ਬਾਅਦ ਦੋਵਾਂ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਵਿਜੀਲੈਂਸ ਅਧਿਕਾਰੀਆਂ ਮੁਤਾਬਕ ਮਾਮਲੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਨੂੰਨੀ ਜਾਂਚ ਜਾਰੀ ਹੈ। ਵਿਜੀਲੈਂਸ ਟੀਮ ਵੱਲੋਂ ਮਾਮਲੇ ਸਬੰਧੀ ਹੋਰ ਵੇਰਵੇ ਵੀ ਜਾਰੀ ਕੀਤੇ ਜਾ ਸਕਦੇ ਹਨ।

Leave a Comment