Pargat Singh becomes the new Punjab Congress President; Doaba gets the helm after 16 years.
ਕੌਣ ਹਨ ਪਰਗਟ ਸਿੰਘ? ਅਕਾਲੀ ਦਲ ਤੋਂ ਸ਼ੁਰੂ ਹੋਇਆ ਸੀ ਸਿਆਸੀ ਸਫਰ, ਪੜ੍ਹੋ ਪੂਰੀ ਕਹਾਣੀ
ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਵੱਡਾ ਸਿਆਸੀ ਫ਼ੈਸਲਾ ਲੈਂਦਿਆਂ ਜਲੰਧਰ ਛਾਉਣੀ (ਕੈਂਟ) ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦਾ ਨਵਾਂ ਪ੍ਰਧਾਨ ਥਾਪ ਦਿੱਤਾ ਹੈ। ਇਸ ਨਿਯੁਕਤੀ ਨਾਲ ਕਾਂਗਰਸ ਨੇ ਸੂਬੇ ਵਿੱਚ ਜੱਟ-ਸਿੱਖ ਸਿਆਸਤ ਦੇ ਰਵਾਇਤੀ ਸਮੀਕਰਨ ਨੂੰ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਪੂਰੇ 16 ਸਾਲਾਂ ਬਾਅਦ ਦੋਆਬਾ ਖਿੱਤੇ ਤੋਂ ਕਿਸੇ ਆਗੂ ਨੂੰ ਸੂਬਾ ਪ੍ਰਧਾਨਗੀ ਦੀ ਅਹਿਮ ਕਮਾਨ ਸੌਂਪੀ ਹੈ। ਇਸ ਤੋਂ ਪਹਿਲਾਂ ਸਾਲ 2010 ਵਿੱਚ ਮੋਹਿੰਦਰ ਸਿੰਘ ਕੇਪੀ ਦੋਆਬੇ ਤੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ।
ਦੋਆਬੇ ਚ ਭਾਜਪਾ ਨੂੰ ਘੇਰਨ ਦੀ ਰਣਨੀਤੀ
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਰਗਟ ਸਿੰਘ ਨੂੰ ਸੂਬਾ ਕਮਾਨ ਸੌਂਪਣ ਪਿੱਛੇ ਦੋਆਬਾ ਖਿੱਤੇ ਵਿੱਚ ਲਗਾਤਾਰ ਪੈਰ ਪਸਾਰ ਰਹੀ ਭਾਰਤੀ ਜਨਤਾ ਪਾਰਟੀ (BJP) ਦੇ ਵਧਦੇ ਪ੍ਰਭਾਵ ਨੂੰ ਠੱਲ੍ਹ ਪਾਉਣਾ ਵੀ ਇੱਕ ਮੁੱਖ ਕਾਰਨ ਹੈ। ਮਹਿਜ਼ ਦੋ ਦਿਨ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ ਕੈਂਟ ਹਲਕੇ ਦੇ ਪਰਾਗਪੁਰ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਕੇ ਗਏ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੋ ਵਾਰ ਜਲੰਧਰ ਦਾ ਦੌਰਾ ਕਰ ਚੁੱਕੇ ਹਨ।

ਸਾਰੀਆਂ ਸਿਆਸੀ ਧਿਰਾਂ ਦੋਆਬੇ ਦੀਆਂ 23 ਵਿਧਾਨ ਸਭਾ ਸੀਟਾਂ ਨੂੰ ਆਪਣਾ ਟਰੰਪ ਕਾਰਡ ਮੰਨ ਕੇ ਚੱਲ ਰਹੀਆਂ ਹਨ। ਭਾਜਪਾ ਜਨਵਰੀ 2026 ਤੋਂ ਹੀ ਇੱਥੇ ਪੂਰੀ ਤਰ੍ਹਾਂ ਹਮਲਾਵਰ ਰੁਖ਼ ਅਪਣਾ ਰਹੀ ਸੀ। ਚਾਹੇ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਣਾ ਹੋਵੇ ਜਾਂ ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਰੱਖਣ ਦਾ ਫ਼ੈਸਲਾ, ਭਾਜਪਾ ਦੋਆਬੇ ਵਿੱਚ ਮੋਹਰੀ ਹੋ ਕੇ ਖੇਡ ਰਹੀ ਸੀ। ਹੁਣ ਇਸੇ ਸਿਆਸੀ ਬਿਸਾਤ ਤੇ ਕਾਂਗਰਸ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਉਲੰਪੀਅਨ ਪਰਗਟ ਸਿੰਘ ਨੂੰ ਮੈਦਾਨ ਵਿੱਚ ਉਤਾਰ ਕੇ ਵੱਡਾ ਦਾਅ ਖੇਡਿਆ ਹੈ।
ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਹੁਣ ਪੰਜਾਬ ਕਾਂਗਰਸ ਦੀ ਅਗਵਾਈ ਕਰਨਗੇ। ਆਲ ਇੰਡੀਆ ਕਾਂਗਰਸ ਕਮੇਟੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। ਇਸ ਨਿਯੁਕਤੀ ਦੇ ਨਾਲ, ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਨੇ ਦੋਆਬਾ ਖੇਤਰ ਦੇ ਇੱਕ ਨੇਤਾ ਨੂੰ ਸੂਬਾ ਸੰਗਠਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
ਕੌਣ ਹਨ ਪਰਗਟ ਸਿੰਘ?
ਓਲੰਪੀਅਨ ਪ੍ਰਗਟ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਚੋਣ ਜਿੱਤ ਕੇ ਰਾਜਨੀਤੀ ਵਿੱਚ ਸ਼ਾਮਲ ਹੋਏ ਸਨ, ਜਿਸ ਤੋਂ ਬਾਅਦ 2017 ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ, ਅਤੇ ਲਗਾਤਾਰ ਤਿੰਨ ਵਾਰ ਜਲੰਧਰ ਕੈਂਟ ਤੋਂ ਵਿਧਾਇਕ ਚੁਣੇ ਗਏ। ਹੁਣ, ਕਾਂਗਰਸ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਗਵਾਈ ਲਈ ਨਿਯੁਕਤ ਕੀਤਾ ਹੈ।
ਹਾਕੀ ਦੇ ਮੈਦਾਨ ‘ਤੇ ਬਣਾਈ ਪਛਾਣ
ਪਰਗਟ ਸਿੰਘ ਨੇ ਆਪਣਾ ਜਨਤਕ ਜੀਵਨ ਖੇਡ ਦੇ ਮੈਦਾਨ ਤੋਂ ਸ਼ੁਰੂ ਕੀਤਾ। ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੀ ਕਪਤਾਨੀ ਕੀਤੀ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਫਿਰ ਉਹ ਰਾਜਨੀਤੀ ਵੱਲ ਮੁੜੇ, 2012 ਦੀ ਚੋਣ ਜਲੰਧਰ ਛਾਉਣੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਲੜੀ। ਉਨ੍ਹਾਂ ਨੇ ਚੋਣ ਜਿੱਤੀ, ਜਿਸ ਨਾਲ ਉਨ੍ਹਾਂ ਰਾਜਨੀਤੀ ਵਿੱਚ ਦਾਖਲ ਹੋ ਗਏ।
2017 ਵਿੱਚ ਕਾਂਗਰਸ ਵਿੱਚ ਹੋਏ ਸ਼ਾਮਲ
ਪਰਗਟ ਸਿੰਘ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਬਾਅਦ ਵਿੱਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ ‘ਤੇ ਜਲੰਧਰ ਛਾਉਣੀ ਸੀਟ ਤੋਂ ਚੋਣ ਲੜੀ ਅਤੇ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਛਾਉਣੀ ਸੀਟ ਨੂੰ ਬਰਕਰਾਰ ਰੱਖਿਆ, ਜਿਸ ਨਾਲ ਉਹ ਤਿੰਨ ਵਾਰ ਇਸ ਹਲਕੇ ਤੋਂ ਵਿਧਾਇਕ ਚੁਣੇ ਗਏ ਹਨ।
ਪਤਨੀ ਬੋਲੇ- ‘ਉਹ ਖਿਡਾਰੀ ਹਨ, ਹਰ ਚੁਣੌਤੀ ਜਿੱਤਣੀ ਜਾਣਦੇ ਹਨ’
ਪਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਐਲਾਨੇ ਜਾਣ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੀ ਜਲੰਧਰ ਸਥਿਤ ਰਿਹਾਇਸ਼ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਦੀ ਧਰਮਪਤਨੀ ਬਰਿੰਦਰ ਕੌਰ, ਪਰਿਵਾਰਕ ਮੈਂਬਰਾਂ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਮਰਥਕਾਂ ਨੇ ਢੋਲ ਦੇ ਡਗੇ ਤੇ ਭੰਗੜੇ ਪਾਏ ਅਤੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।
ਬਰਿੰਦਰ ਕੌਰ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਰਿਵਾਰ ਲਈ ਇਹ ਦੋਹਰੀ ਖ਼ੁਸ਼ੀ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਹਿਲੇ ਪੋਤੇ ਤੇਗ ਦਾ ਜਨਮ ਹੋਇਆ ਸੀ, ਉਸ ਸਮੇਂ ਪਰਗਟ ਸਿੰਘ ਪਹਿਲੀ ਵਾਰ ਵਿਧਾਇਕ ਬਣੇ ਸਨ। ਹੁਣ ਜਦੋਂ ਉਨ੍ਹਾਂ ਦੇ ਘਰ ਦੂਜੇ ਪੋਤੇ ਨੇ ਜਨਮ ਲਿਆ ਹੈ ਤਾਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਰਗੀ ਅਹਿਮ ਜ਼ਿੰਮੇਵਾਰੀ ਮਿਲੀ ਹੈ।
