ਜਲੰਧਰ ਦੇ ਆਰਟੀਓ ਦਫਤਰ ਦੀ ਆਨਲਾਈਨ ਸੁਵਿਧਾ ਇਕ ਵਾਰ ਫਿਰ ਲੋਕਾਂ ਲਈ ਦੁਵਿਧਾ ਦਾ ਕਾਰਨ ਬਣ ਗਈ। ਆਰਟੀਓ ਦੀ ਵੈਰੀਫਾਈ ਸਾਈਟ ਬੰਦ ਹੋਣ ਕਾਰਨ ਅੱਜ ਕਲਰਕਾਂ ਵੱਲੋਂ ਕੰਮ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਆਰਸੀ ਅਪਰੂਵਲ ਦਾ ਕੰਮਕਾਜ ਠੱਪ ਰਿਹਾ। ਵਾਹਨਾਂ ਨਾਲ ਸਬੰਧਤ ਕੰਮ ਕਰਵਾਉਣ ਲਈ ਦਫਤਰ ਪਹੁੰਚੇ ਲੋਕਾਂ ਨੂੰ ਬਿਨਾਂ ਅਪਰੂਵਲ ਦੇ ਹੀ ਉਡੀਕ ਕਰਨੀ ਪਈ। ਹਾਲਾਂਕਿ ਸਥਿਤੀ ਨੂੰ ਦੇਖਦਿਆਂ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਵਾਪਸ ਭੇਜਣ ਦੀ ਬਜਾਏ ਮੈਨੂਅਲ ਰਜਿਸਟਰ ਦਾ ਸਹਾਰਾ ਲਿਆ ਗਿਆ। ਆਰਸੀ ਅਪਰੂਵਲ ਲਈ ਆਏ ਲੋਕਾਂ ਦੇ ਦਸਤਾਵੇਜ਼ਾਂ ਦੇ ਨੰਬਰ ਤੇ ਸਬੰਧਤ ਕੰਮ ਦਾ ਵੇਰਵਾ ਰਜਿਸਟਰ ’ਚ ਦਰਜ ਕਰ ਲਿਆ ਗਿਆ ਹੈ ਤਾਂ ਜੋ ਸਾਈਟ ਮੁੜ ਚਾਲੂ ਹੋਣ ਤੋਂ ਬਾਅਦ ਕੰਮ ਨੂੰ ਅੱਗੇ ਵਧਾਇਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਵੈਰੀਫਾਈ ਸਾਈਟ ਮੁੜ ਚਾਲੂ ਹੋਵੇਗੀ, ਰਜਿਸਟਰ ‘ਚ ਦਰਜ ਕੀਤੇ ਦਸਤਾਵੇਜ਼ਾਂ ਨੂੰ ਅਧਿਕਾਰੀਆਂ ਵੱਲੋਂ ਅਪਰੂਵ ਕਰ ਦਿੱਤਾ ਜਾਵੇਗਾ। ਫਿਲਹਾਲ ਲੋਕਾਂ ਦੇ ਕੰਮ ਦਾ ਰਿਕਾਰਡ ਤਾਂ ਦਰਜ ਕਰ ਲਿਆ ਗਿਆ ਹੈ ਪਰ ਸਾਈਟ ਬੰਦ ਰਹਿਣ ਕਾਰਨ ਆਰਸੀ ਅਪਰੂਵਲ ਦੀ ਪ੍ਰਕਿਰਿਆ ਅੱਗੇ ਨਹੀਂ ਵਧ ਸਕੀ।
